Friday, December 3, 2010

ਵਿਸ਼ਵ ਏਡਜ ਦਿਵਸ ’ਤੇ ਵਿਸ਼ੇਸ਼ ਰਿਪੋਰਟ-- ਏਡਜ ਕਾਰਨ ਬੇਸਹਾਰਾ ਹੋਈਆਂ ਤਿੰਨ ਮਾਸੂਮ ਬੱਚੀਆਂ ਦੀ ਕਿਸੇ ਨੇ ਸਾਰ ਨਹੀਂ ਲਈ-

ਬਰਨਾਲਾ (ਜਗਸੀਰ ਸਿੰਘ ਸੰਧੂ) :
ਸਥਾਨਕ ਸੈਂਸੀ ਬਸਤੀ ਵਿਚ ਬੇਸਹਾਰਾ ਰਹਿ ਰਹੀਆਂ ਤਿੰਨ ਮਾਸੂਮ ਲੜਕੀਆਂ ਨੂੰ ਇਹ ਤਾਂ ਪਤਾ ਹੈ ਕਿ ਉਹਨਾਂ ਦੇ ਮਾਂ-ਬਾਪ ਦਾ ਛਾਇਆ ਏਡਜ ਨਾਮੀ ਦੈਂਤ ਨੇ ਖੋਹ ਲਿਆ ਹੈ, ਪਰ ਉਹ ਇਹ ਗੱਲ ਤੋਂ ਬਿਲਕੁਲ ਅਣਜਾਣ ਹਨ ਕਿ ਅੱਜ ਪੂਰੀ ਦੁਨੀਆਂ ਵਿਚ ਵਿਸ਼ਵ ਏਡਜ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਉਪਰ ਸਰਕਾਰਾਂ ਨੇ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜੀ ਕੀਤੀ ਹੈ ਅਤੇ ਵੱਡੇ ਸੈਮੀਨਾਰ ਹੋ ਰਹੇ ਹਨ। ਉਹਨਾਂ ਮਾਸੂਮ ਜਿੰਦਾਂ ਨੂੰ ਤਾਂ ਸਿਰਫ ਏਨਾ ਹੀ ਪਤਾ ਹੈ ਕਿ ਹੁਣ ਉਹਨਾਂ ਨੂੰ ਰੋਟੀ ਦੇਣ ਵਾਲਾ ਕੋਈ ਨਹੀਂ ਰਿਹਾ ਅਤੇ ਆ ਰਹੇ ਸਰਦੀਆਂ ਦੇ ਮੌਸਮ ਵਿਚ ਉਹਨਾਂ ਨੂੰ ਕਿਸੇ ਕੋਲੋਂ ਨਿੱਘ ਮਿਲਣ ਦੀ ਵੀ ਉਮੀਦ ਨਹੀਂ ਹੈ। ਸਿਰਫ ਇਕ ਕਮਰੇ ਦੇ ਘਰ ਵਿਚ ਇਕੱਲੀਆਂ ਰਹਿੰਦੀਆਂ ਇਹਨਾਂ ਤਿੰਨ ਭੈਣਾਂ ਜਸਵੀਰ ਕੌਰ 13 ਸਾਲ, ਅੰਮ੍ਰਿਤਪਾਲ ਕੌਰ 4 ਸਾਲ ਤੇ ਸਿਮਰਨ ਕੌਰ 8 ਸਾਲ ਦਾ ਪਿਤਾ ਸੋਮਾ ਸਿੰਘ (35) ‘ਜੋ ਟਰੱਕ ਡਰਾਇਵਰ ਸੀ, 8 ਮਹੀਨੇ ਪਹਿਲਾਂ ਏਡਜ ਦੀ ਨਾਮੁਰਾਦ ਬਿਮਾਰੀ ਕਾਰਨ ਸਦਾ ਦੀ ਨੀਂਦ ਸੌਂ ਗਿਆ ਅਤੇ ਇਹਨਾਂ ਮਾਸੂਮਾਂ ਦੀ ਮਾਤਾ ਰਾਜ ਕੌਰ (30) ਦਾ ਵੀ ਤਿੰਨ ਮਹੀਨੇ ਏਡਜ ਕਾਰਨ ਹੀ ਦਿਹਾਂਤ ਹੋ ਗਿਆ। ਉਸ ਤੋਂ ਬਾਅਦ ਬੇਸਹਾਰਾ ਹੋਈਆਂ ਇਹਨਾਂ ਮਾਸੂਮ ਜਿੰਦਾਂ ਨੂੰ ਕੁਝ ਦੇਰ ਇਹਨਾਂ ਦੇ ਤਾਏ ਨੇ ਰੋਟੀ ਦਿੱਤੀ, ਪਰ ਗੁਰਵਤ ਕਾਰਨ ਸ਼ਾਇਦ ਉਹ ਵੀ ਇਹਨਾਂ ਦੇ ਪਾਲਣ-ਪੋਸਣ ਦੀ ਜਿੰਮੇਵਾਰੀ ਨਹੀਂ ਨਿਭਾ ਸਕਿਆ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਹ ਤਿੰਨੇ ਭੈਣਾਂ ਨਾਮੁਰਾਦ ਏਡਜ ਦੀ ਬਿਮਾਰੀ ਤੋਂ ਮਹਿਫੂਜ ਹਨ। ਸਥਾਨਕ ਐਸ.ਡੀ. ਹਾਈ ਸਕੂਲ ਵਿਚ ਜਸਵੀਰ ਕੌਰ ਤੇ ਅੰਮ੍ਰਿਤਪਾਲ ਕੌਰ ਛੇਵੀਂ ਕਲਾਸ ਅਤੇ ਸਿਮਰਨ ਕੌਰ ਤੀਜੀ ਕਲਾਸ ਵਿਚ ਪੜਦੀਆਂ ਹਨ। ਭਾਵੇਂ ਇਹਨਾਂ ਮਾਸੂਮਾਂ ਦੀ ਸਕੂਲ ਵੱਲੋਂ ਫੀਸ ਮੁਆਫ਼ ਕਰ ਦਿੱਤੀ ਗਈ ਹੈ, ਪਰ ਕਿਤਾਬਾਂ, ਵਰਦੀਆਂ, ਸਟੇਸ਼ਨਰੀ ਤੇ ਹੋਰ ਖਰਚਿਆਂ ਲਈ ਹੁਣ ਇਹਨਾਂ ਕੋਲ ਕੋਈ ਸਾਧਨ ਨਹੀਂ ਹੈ। ਅੱਜ ਘਰ ਵਿਚ ਮੌਜੂਦ ਜਸਵੀਰ ਕੌਰ ਅਤੇ ਅਤੇ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਸਿਮਰਨ ਕੌਰ ਨਾਨਕੇ ਪਿੰਡ ਭਦੌੜ ਗਈ ਹੈ। ਬੜੀ ਹਿਰਦੇ ਵੇਦਕ ਆਵਾਜ਼ ਵਿਚ ਇਹਨਾਂ ਮਾਸੂਮਾਂ ਨੇ ਦੱਸਿਆ ਕਿ ਸਕੂਲ ਵਿਚ ਪੜਨ ਤੋਂ ਬਾਅਦ ਇਹ ਤਿੰਨੇ ਆਪਣੇ ਸੁੰਨੇ ਘਰ ਵਿਚ ਆ ਕੇ ਬੈਠੀਆਂ ਮਾਂ-ਬਾਪ ਦੇ ਲਾਡ ਪਿਆਰ ਨੂੰ ਯਾਦ ਕਰਕੇ ਇਕ-ਦੂਜੇ ਦੇ ਗਲ ਲੱਗ ਕੇ ਰੋਂਦੀਆਂ ਰਹਿੰਦੀਆਂ ਹਨ ਅਤੇ ਸ਼ਾਮ ਢਲੇ ਜੇ ਕਿਸੇ ਖਾਣਾ ਦੇ ਦਿੱਤਾ ਤਾਂ ਖਾ ਕੇ ਇਥੇ ਸੌਂ ਜਾਂਦੀਆਂ ਹਨ ਅਤੇ ਜਾਂ ਫੇਰ ਬੱਸ ਚੜ ਆਪਣੇ ਨਾਨਕੇ ਪਿੰਡ ਭਦੌੜ ਚਲੀਆਂ ਜਾਂਦੀਆਂ ਹਨ। ਇਹਨਾਂ ਬੇਸਹਾਰਾ ਜਿੰਦਾਂ ਨੇ ਦੱਸਿਆ ਕਿ ਉਹਨਾਂ ਦੇ ਮਾਂ-ਬਾਪ ਦੀ ਮੌਤ ਤੋਂ ਬਾਅਦ ਇਕ-ਦੋ ਵਾਰ ਸਰਕਾਰੀ ਅਧਿਕਾਰੀ ਆਏ ਜਰੂਰ ਸਨ, ਪਰ ਉਹਨਾਂ ਨੂੰ ਅਜੇ ਤੱਕ ਨਾ ਕਿਸੇ ਸਰਕਾਰ ਵੱਲੋਂ ਅਤੇ ਨਾ ਹੀ ਕਿਸੇ ਹੋਰ ਸੰਸਥਾ ਵੱਲੋਂ ਕੋਈ ਸਹਾਇਤਾ ਦਿੱਤੀ ਗਈ ਹੈ। ਇਹਨਾਂ ਮਾਸੂਮਾਂ ਨੂੰ ਕੋਈ ਸਰਕਾਰੀ ਸਹਾਇਤਾ ਹੁਣ ਤੱਕ ਕਿਉਂ ਨਈਂ ਮਿਲੀ? ਜਦੋਂ ਇਸ ਬਾਰੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਅਰਸ਼ਦੀਪ ਸਿੰਘ ਥਿੰਦ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ

No comments:

Post a Comment